शुक्रवार, 19 जुलाई 2024

ਇਲਾਜ

  ਇਲਾਜ

ਜਹਿਰ ਵਿਹੂਣਾ  ਸੱਪ ਜ਼ਮੀਨ ਵਿਹੂਣਾ ਜੱਟ ਕਿਸ ਕੰਮ ਦਾ, ਬਸ ਵਿਗਾਰਾਂ ਭੁਗਤਣ ਜੋਗਾ, ਪਰ ਸੱਪ  ਨਹੀ ਮਰਦਾ ਕਦੇ ਫਾਹਾ ਲੈ ਕੇ, ਸਲਫਾਸ ਪੀ ਕੇ, ਨਹਿਰ ਚ ਛਾਲ ਮਾਰ ਕੇ, ਉਸਦੇ ਕੋਲ ਤਾਂ ਆਪਣੀ ਖੁੱਡ ਵੀ ਨਹੀਂ ਹੁੰਦੀ, ਸੁਣਿਆ ਹੈ. ਫਿਰ ਵੀ ਲੱਭਦਾ ਹੈ ਉਹ ਪ੍ਰਕਰਤੀ ਚੋਂ ਆਪਣੀ ਹੋਂਦ ਅਤੇ ਲੜਦਾ ਹੈ ਉਹ ਕੁਦਰਤ ਦੇ ਖਿਲਾਫ ਤੇ ਖੋ ਲੈਂਦਾ ਹੈ ਉਸਦੇ ਹੱਥੋਂ ਆਪਣੇ ਹਿੱਸੇ ਦੀ ਜ਼ਿੰਦਗੀ .  ਫਿਰ ਇਹ ਜੱਟ ਇਹਨਾਂ ਕਮਜ਼ੋਰ ਕਿਵੇਂ ਹੋ ਗਿਆ ਕਿਹੜਾ ਸੱਪ ਲੜਿਆ  ਹੈ ਇਹਨੂੰ. ਜੋ ਇਹ ਆਪਣੇ ਪਹਿਲੇ ਪਿਆਰ ਕਹੀ ਨੂੰ ਮੋਢੇ ਤੇ ਰੱਖਣ ਚ ਸੰਕੋਚ ਕਰਦਾ ਹੈ. ਅੱਕ ਗਿਆ ਹੈ ਵਿਵਸਥਾ ਤੋਂ , ਰੋਜ਼ ਦੇ ਧਰਨਿਆਂ ਤੋਂ, ਹੜਤਾਲਾਂ ਤੋਂ, ਬਦਲਦੀਆਂ ਸਰਕਾਰਾਂ ਤੋਂ, ਵਧਦੀ ਮਹਿੰਗਾਈ, ਆਬਾਦੀ ਤੋਂ, ਕਰਜੇ ਤੋਂ, ਹੁਣ ਇਹ ਨਹੀਂ ਲਾਉਂਦਾ ਕੋਈ ਨਵਾਂ ਰੁੱਖ ਜੋ ਦੇਵੇ ਕੋਈ ਉਮੀਦ, ਇਸ ਆਪਣੇ ਆਪ ਤੋਂ ਹਾਰੇ ਬੰਦੇ ਨੂੰ. ਹੁਣ ਇਹ ਮਸਤ ਰਹਿੰਦਾ ਹੈ ਘਰ ਦੀ ਕੱਢੀ ਦੇ ਦੋ ਪੈਗ ਲਾ ਕੇ. ਕਿਉ? ਜੋ ਇਹ ਆਪਣੇ  ਭੁੱਖੇ ਬੱਚਿਆਂ ਦੇ ਮਾਸੂਮ ਸਵਾਲਾਂ ਦਾ ਦੇ ਸਕੇ ਜਵਾਬ ਤੇ ਅੱਖਾਂ ਚ ਅੱਖਾਂ ਪਾ ਕੇ ਦੱਸੇ  ਉਸ ਭਾਗਭਰੀ ਨੂੰ ਜਿਸਦੇ ਨਾਲ ਲਾਈਆਂ ਸੀ ਬੜੇ ਚਾਅ ਨਾਲ ਲਾਵਾਂ ਤੇ ਕਦੇ ਇੱਕ ਚੁੰਨੀ ਵੀ ਨਾ ਦਿਵਾਈ. ਪਰ ਉਹ ਜਾਣਦੀ ਸੀ , ਕਈ ਕਈ ਦਿਨ ਕੱਟੇ ਸੀ ਉਸਨੇ ਫਾਕੇ ਦੇ, ਪਰ ਕਦੇ ਨਹੀਂ ਕੀਤੀ ਕੋਈ ਸ਼ਿਕਾਇਤ! ਹਰ ਪੰਜ ਸਾਲਾਂ ਬਾਅਦ ਵੋਟਾਂ ਦੀ ਵੀ ਦੇਣ ਜਾਂਦੀ ਸੀ,  ਆਪਣੇ ਪੂਰੇ ਟੱਬਰ ਨਾਲ ਸ਼ਾਇਦ ਇਸ ਬਾਰ ਕੋਈ ਨਵੀਂ ਸਰਕਾਰ ਉਹਨਾਂ ਦੇ ਪਰਿਵਾਰ ਨੂੰ ਵੀ ਜਿਉਣ ਦੀ ਆਜ਼ਾਦੀ ਬਖਸ਼ੇ ਤੇ ਉਸਦੇ ਬੱਚੇ ਵੀ ਢਿੱਡ  ਭਰ ਕੇ ਰੋਟੀ ਖਾ ਸਕਣ. ਉਸਨੂੰ ਆਪਣੇ  ਭੁੱਖੇ ਬੱਚਿਆਂ ਨੂੰ ਇਹ ਕਹਿ ਕੇ ਨਾ ਵਰੋਣਾ ਪਵੇ ਕਿ ਜਿਆਦਾ ਰੋਟੀ ਖਾਣ ਵਾਲੇ ਨੂੰ ਰੱਬ ਛੇਤੀ ਚੁੱਕ ਲੈਂਦਾ ਹੈ. ਪਰ ਨਹੀਂ ਅੱਜ ਮਿਲ ਗਿਆ ਸੀ ਉਸ ਨੂੰ ਆਪਣੀ ਹਰ ਤਕਲੀਫ ਦਾ ਇਲਾਜ ਉਹ ਲੈ ਆਇਆ ਸੀ ਪੂਰੇ ਪਰਿਵਾਰ ਲਈ ਸਲਫਾਸ! ਕੀ ਇਹੀ ਹੈ ਇਲਾਜ?

कोई टिप्पणी नहीं:

एक टिप्पणी भेजें